ਸਿੱਖ ਧਰਮ ਦੁਨੀਆਂ ਦਾ ਮਹਾਨ ਧਰਮ ਹੈ, ਸਿੱਖ ਧਰਮ ਦੇ ਸ਼ਹੀਦਾਂ ਦੀ ਗਿਣਤੀ ਬਾਕੀ ਸਾਰੇ ਧਰਮਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ, ਸ਼ਹੀਦ ਕਿਸੇ ਵੀ ਕੌਮ ਦਾ ਵਡਮੁੱਲਾ ਖਜਾਨਾ ਹੁੰਦੇ ਹਨ I ਸਿੱਖ ਧਰਮ ਦੀ ਨੀਂਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ I ਸਿੱਖ ਧਰਮ ਅੰਧਵਿਸ਼ਵਾਸ਼, ਪਾਖੰਡ ਦਾ ਜ਼ੋਰਦਾਰ ਤਰੀਕੇ ਨਾਲ ਵਿਰੋਧ ਕਰਦਾ ਹੈ I ਸਿੱਖ ਧਰਮ ਵਿੱਚ ਜ਼ੁਲਮ ਕਰਨਾ ਅਤੇ ਜ਼ੁਲਮ ਸਹਿਣਾ ਦੋਨਾਂ ਨੂੰ ਹੀ ਬੁਰਾ ਸਮਝਿਆ ਜਾਂਦਾ ਹੈ I ਸਿੱਖ ਧਰਮ ਦੇ ਪੈਰੋਕਾਰ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ , ਅਤੇ ਮੁਸ਼ਕਿਲ ਸਮੇ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਤੋਂ ਹੀ ਸੇਧ ਲੈਂਦੇ ਹਨ I

Wednesday, June 5, 2019

ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮੁੱਖ ਕਾਰਣ (SRI GURU ARJAN DEV JI DI SHAHEEDI DE MUKH KARAN)

No comments :
ਸਿੱਖ ਧਰਮ ਦੇ ਵਧ ਰਹੇ ਪ੍ਰਚਾਰ ਦੀ ਲਹਿਰ ਨੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਸਿੱਖ ਧਰਮ ਗ੍ਰਹਿਣ ਕਰਨ ਲਈ ਪ੍ਰੇਰਿਆ i ਬਹੁਤ ਸਾਰੇ ਮੁਸਲਮਾਨ ਸਿੱਖ ਬਣੇ i  ਇਹ ਗੱਲ ਸੱਤਾ ਤੇ ਕਾਬਿਜ਼ ਮੁਸਲਿਮ ਕੌਮ  ਲਈ ਚੁਭਵੀਂ ਸੀ i ਸ਼ੇਖ ਅਹਿਮਦ ਸਰਹੰਦੀ ਤੇ ਸ਼ੇਖ ਫ਼ਰੀਦ ਬੁਖਾਰੀ ਵਰਗੇ ਜਨੂੰਨੀ ਮੁਸਲਮਾਨਾਂ ਨੇ ਮੁਗਲ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਨੇ ਆਰੰਭ ਕੀਤੇ ਕਿ ਸਿੱਖੀ ਦੀ ਇਸ ਲਹਿਰ ਨੂੰ ਖ਼ਤਮ ਕਰਨਾ ਚਾਹੀਦਾ ਹੈ i ਇੱਧਰ ਪ੍ਰਿਥੀ ਚੰਦ ਨੇ ਵੀ ਮਹੇਸ਼ ਦਾਸ(ਬੀਰਬਲ) ਨਾਲ ਗੰਢ ਤੁੱਪ ਕਰਕੇ ਗੁਰਗੱਦੀ ਵਿਰੁੱਧ ਮੁਗ਼ਲ ਦਰਬਾਰੀਆਂ ਅਤੇ ਕੱਟੜ ਮੁਸਲਮਾਨਾਂ ਕੋਲ ਸਿੱਖੀ ਵਿਰੁੱਧ ਨਫਰਤ ਭਰਨੀ ਸ਼ੁਰੂ ਕਰ ਦਿੱਤੀ, ਪ੍ਰਿਥੀ ਚੰਦ ਨੇ ਗੁਰੂ ਸਾਹਿਬ ਜੀ ਦਾ ਜਿਥੋਂ ਤੱਕ ਉਸਦੀ ਪਹੁੰਚ ਸੀ ਵਿਰੋਧ ਕੀਤਾ। ਗੁਰੂ ਸਾਹਿਬ ਦੇ ਸ਼੍ਰੀ ਦਰਬਾਰ ਸਾਹਿਬ ਬਣਾਉਣ ਦੀ ਈਰਖਾ ਵਿੱਚ ਅੰਨੇ ਹੋਏ ਪ੍ਰਿਥੀ ਚੰਦ ਨੇ ਹੇਹਰ ਪਿੰਡ ਵਿੱਚ ਸਰੋਵਰ ਦੇ ਵਿਚਕਾਰ ਡੇਰਾ ਬਣਵਾਇਆ, ਅਤੇ ਉਸ ਡੇਰੇ ਦਾ ਨਾਂਅ ਦੁਖ ਨਿਵਾਰਨ ਰੱਖਿਆ, ਪਰ ਉਸਦਾ ਇਹ ਪਾਖੰਡ ਵੀ ਅਸਫਲ ਰਿਹਾ।

                                                     
       ਕੱਟੜ ਅਤੇ ਉੱਚੀ ਜਾਤ ਦੇ ਹਿੰਦੂਆਂ ਨੇ ਵੀ ਮਹੇਸ਼ ਦਾਸ ਬ੍ਰਾਹਮਣ (ਬੀਰਬਲ) ਰਾਹੀ ਆਪਣਾ ਵਿਰੋਧ ਜਾਰੀ ਰੱਖਿਆ। ਮਹੇਸ਼ ਦਾਸ ਮੁਗ਼ਲ ਬਾਦਸ਼ਾਹ ਅਕਬਰ ਦਾ ਵਜ਼ੀਰ ਸੀ।ਬੀਰਬਲ ਨੇ ਕਈ ਵਾਰ ਅਕਬਰ ਨੂੰ ਇਹ ਯਕੀਨ ਦਵਾਉਣ ਦੀ ਅਸਫਲ  ਕੋਸ਼ਿਸ਼ ਕੀਤੀ ਕਿ ਗੁਰੂ ਸਾਹਿਬ ਇਸਲਾਮ ਵਿਰੋਧੀ ਪ੍ਰਚਾਰ ਕਰ ਰਹੇ ਹਨ, ਪਰ ਅਕਬਰ ਨੇ ਬੀਰਬਲ ਦੀਆ ਗੱਲਾਂ ਨੂੰ ਅਣਗੋਲਿਆਂ ਕਰ ਦਿੱਤਾ, ਕਿਉ ਕਿ ਬਾਦਸ਼ਾਹ ਅਕਬਰ ਸਾਰੇ ਧਰਮਾਂ ਪ੍ਰਤੀ ਉਦਾਰਚਿਤ ਸੀ I ਪਰ ਬੀਰਬਲ ਨੇ ਮੁਗਲ ਦਰਬਾਰੀਆਂ ਅਤੇ ਕੱਟੜ ਮੁਸਲਮਾਨਾਂ ਵਿੱਚ ਸਿੱਖੀ ਪ੍ਰਤੀ ਜ਼ਹਿਰ ਉਗਲਣ ਦਾ ਕੰਮ ਜਾਰੀ ਰੱਖਿਆ।
                                                       ਚੰਦੂ ਸ਼ਾਹ ਆਪਣੀ ਧੀ ਦਾ ਵਿਆਹ ਕਰਨਾ ਚਾਹੁੰਦਾ ਸੀ, ਇਸ ਲਈ ਉਸਨੇ ਬ੍ਰਾਹਮਣਾ ਨੂੰ ਆਪਣੀ ਧੀ ਲਈ ਯੋਗ ਵਰ ਲੱਭਣ ਦਾ ਕੰਮ ਸੌਂਪਿਆ, ਬ੍ਰਾਹਮਣਾ ਨੇ ਗੁਰੂ ਅਰਜਨ ਦੇਵ ਜੀ ਦੇ ਪੁੱਤਰ (ਗੁਰੂ) ਹਰਗੋਬਿੰਦ ਜੀ ਦੀ ਵਰ ਵਜੋਂ ਦੱਸ ਪਾਈ, ਚੰਦੂ ਸ਼ਾਹ ਅੰਦਰੋਂ ਤਾਂ ਇਹ ਸੁਣ ਕੇ ਖੁਸ਼ ਹੋਇਆ ਕਿ ਪਰ ਬਾਹਰੋਂ ਆਪਣਾ ਰੋਹਬ ਦਿਖਾਉਣ ਲਈ ਬੋਲਿਆ ਕਿ ਉਹ ਤਾਂ ਮੇਰੇ ਬਰਾਬਰ ਦੇ ਨਹੀਂ ਹਨ, ਅਤੇ ਹੋਰ ਵੀ ਬਹੁਤ ਕੁਝ ਗੁਰੂ ਸਾਹਿਬ ਬਾਰੇ ਬੁਰਾ ਭਲਾ ਬੋਲਿਆ, ਸਿੱਖ ਸੰਗਤਾਂ ਚੰਦੂ ਦੇ ਸੁਭਾਅ ਤੋਂ ਪਹਿਲਾ ਹੀ ਜਾਣੂ ਸਨ, ਇਸ ਲਈ ਉਹਨਾਂ ਨੇ ਗੁਰੂ ਸਾਹਿਬ ਨਾਲ ਵਿਚਾਰ ਚਰਚਾ ਕੀਤੀ I ਸਿੱਖ ਸੰਗਤਾਂ ਦੀ ਗੱਲ ਮੰਨ ਕੇ ਗੁਰੂ ਸਾਹਿਬ ਨੇ ਰਿਸ਼ਤੇ ਲਈ ਨਾਂਹ ਕਰ ਦਿੱਤੀ, ਇਸ ਨਾਲ ਚੰਦੂ ਸ਼ਾਹ ਬੁਰੇ ਤਰੀਕੇ ਨਾਲ ਜਲ ਗਿਆ, ਉਹ ਮੁਗਲ ਦਰਬਾਰ ਵਿੱਚ ਕਿਸੇ ਛੋਟੇ ਜਿਹੇ ਅਹੁਦੇ ਤੇ ਨੌਕਰ ਸੀ I  ਇਸ ਲਈ ਜਿਥੋਂ ਤਕ ਉਸਦੀ ਪਹੁੰਚ ਸੀ ਉਸਨੇ ਗੁਰੂ ਸਾਹਿਬ ਬਾਰੇ ਦਰਬਾਰੀਆਂ ਨੂੰ ਬਹੁਤ ਭੜਕਾਇਆ I
                   ਗੁਰੂ ਸਾਹਿਬ ਦੀ ਸ਼ਹੀਦੀ ਵਿੱਚ ਸ਼ੇਖ ਅਹਿਮਦ ਸਰਹੰਦੀ ਦਾ ਵੀ ਵੱਡਾ ਹੱਥ ਸੀ, ਉਹ ਨਕਸ਼ਬੰਦੀ ਮੁਸਲਿਮ ਸਿਲਸਿਲੇ ਦਾ ਆਗੂ ਸੀ। ਉਹ ਸਾਰੇ ਭਾਰਤ ਵਿੱਚ ਇਸਲਾਮ ਦੀ ਬਾਦਸ਼ਾਹਤ ਦੇਖਣੀ ਚਾਹੁੰਦਾ ਸੀ, ਉਹ ਚਾਹੁੰਦਾ ਸੀ ਕਿ ਹਰੇਕ ਗੈਰ ਮੁਸਲਿਮ ਨੂੰ ਜਾਂ ਤਾਂ ਇਸਲਾਮ ਵਿੱਚ ਲਿਆਂਦਾ ਜਾਵੇ ਜਾਂ ਫਿਰ ਉਸਦਾ ਕਤਲ ਕਰ ਦਿੱਤਾ ਜਾਵੇ। ਅਕਬਰ ਬਾਦਸ਼ਾਹ ਦੀ ਸਰਬ ਧਰਮ ਸਾਂਝੀਵਾਲਤਾ ਦੀ ਨੀਤੀ ਨੂੰ ਉਹ ਇਸਲਾਮ ਵਿਰੋਧੀ ਸਮਝਦਾ ਸੀ I
                    ਅਕਬਰ ਬਾਦਸ਼ਾਹ ਦੀ ਮੌਤ ਤੋਂ ਬਾਅਦ ਜਹਾਂਗੀਰ ਮੁਗ਼ਲ ਸਮਰਾਟ ਬਣਿਆ, ਉਹ ਸਿਰਫ ਸੱਤਾ ਦਾ ਭੁੱਖਾ ਸੀ, ਸੱਤਾ ਦੇ ਲਾਲਚ ਵਿੱਚ 1591 ਈਸਵੀ ਵਿੱਚ ਉਸਨੇ ਆਪਣੇ ਪਿਤਾ ਅਕਬਰ ਨੂੰ ਵੀ ਜ਼ਹਿਰ ਦੇ ਕੇ ਮਾਰਨ ਦਾ ਯਤਨ ਕੀਤਾ ਸੀ, ਪਰ ਅਕਬਰ ਥੋੜੇ ਦਿਨ ਬਿਮਾਰ ਰਹਿ ਕੇ ਬਚ ਗਿਆ ਸੀ। ਉਸਦਾ ਇਸਲਾਮ ਨਾਲ ਕੋਈ ਲੈਣਾ ਦੇਣਾ ਨਹੀ ਸੀ। ਉਸਨੇ ਅਕਬਰ ਬਾਦਸ਼ਾਹ ਦੇ ਵਿਰੁੱਧ ਬਗਾਵਤ ਵੀ ਕੀਤੀ ਸੀ, ਪਰ ਉਹ ਅਸਫਲ ਰਿਹਾ ਸੀ। ਪਰ ਫਿਰ ਉਸਨੇ ਉਪਰਲੇ ਮਨੋਂ ਅਕਬਰ ਨਾਲ ਸਮਝੌਤਾ ਕਰ ਲਿਆ ਸੀ,ਤਾਂ ਕਿ ਮੁਗਲ ਸਲਤਨਤ ਦੀ ਗੱਦੀ ਦਾ ਵਾਰਿਸ ਬਣਿਆ ਰਹੇ I 
                    ਜਦੋ ਗੁਰੂ ਸਾਹਿਬ ਭਾਈ ਗੁਰਦਾਸ ਜੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆਦਿ ਬੀੜ ਲਿਖਵਾ ਰਹੇ ਸਨ ਤਾਂ ਭਗਤ ਕਾਹਨਾ, ਸ਼ਾਹ ਹੁਸੈਨ, ਪੀਲੂ ਤੇ ਛੱਜੂ ਵੀ ਸ਼੍ਰੀ ਦਰਬਾਰ ਸਾਹਿਬ ਵਿਖੇ ਆਏ ਸਨ, ਉਹਨਾਂ ਦੀ ਦਿਲੀ ਮਨਸ਼ਾ ਸੀ ਕਿ ਉਹਨਾਂ ਦੀ ਕਾਵਿ ਰਚਨਾ ਵੀ ਗੁਰਬਾਣੀ ਵਿੱਚ ਸ਼ਾਮਿਲ ਹੋਵੇ। ਪਰ ਜਦੋ ਪੰਜਵੇਂ ਪਾਤਸ਼ਾਹ ਨੇ ਇਹਨਾਂ ਭਗਤਾਂ ਦੀ ਕਾਵਿ ਰਚਨਾ ਸੁਣੀ ਤਾਂ ਗੁਰੂ ਜੀ ਨੂੰ ਇਹਨਾਂ ਭਗਤਾਂ ਦੀ ਕਾਵਿ ਰਚਨਾ ਗੁਰਬਾਣੀ ਦੀ ਕਸਵੱਟੀ ਤੇ ਖਰੀ ਨਹੀ ਜਾਪੀ, ਤਾਂ ਨਤੀਜੇ ਵਜੋਂ ਗੁਰੂ ਸਾਹਿਬ ਨੇ ਇਹਨਾਂ ਭਗਤਾਂ ਦੀ ਕਾਵਿ ਰਚਨਾ ਨੂੰ ਆਦਿ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਇਹ ਭਗਤ ਬਹੁਤ ਗੁੱਸੇ ਹੋਏ, ਅਤੇ ਗੁਰੂ ਘਰ ਨਾਲ ਈਰਖਾ ਕਰਨ ਲੱਗੇ। ਭਗਤ ਕਾਹਨਾ ਤਾਂ ਚੰਦੂ ਸ਼ਾਹ ਦਾ ਰਿਸ਼ਤੇਦਾਰ ਵੀ ਸੀ।
                                                                       ਸਖੀ ਸਰਵਰੀਆਂ ਦਾ ਵੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਕਾਫੀ ਜ਼ੋਰ ਸੀ, ਜਦੋ ਗੁਰੂ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਕਾਰਜ ਨੂੰ ਤੇਜ਼ ਕੀਤਾ ਤਾ ਇਹਨਾਂ ਨੂੰ ਵੀ ਆਪਣੀ ਜ਼ਮੀਨ ਖਿਸਕਦੀ ਨਜ਼ਰ ਆਉਣ ਲੱਗੀ i ਇਸ ਲਈ ਇਹਨਾਂ ਨੇ ਗੁਰੂਘਰ ਦਾ ਪੁਰਜ਼ੋਰ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ i ਉਸ ਸਮੇ ਤਕ ਬਹੁਤ ਸਾਰੇ ਹਿੰਦੂ  ਲੋਕ ਵੀ ਸਾਖੀ ਸਰਵਰ ਦੇ ਚੇਲੇ ਬਣ ਚੁਕੇ ਸਨ ਅਤੇ  ਸਰਵਰੀਏ ਅਖਵਾਉਦੇ ਸਨ i ਇਹ ਹਿੰਦੂ ਲੋਕ ਸ਼ੇਖ ਫੱਤੇ ਨੂੰ ਇੱਕ ਮਹਾਨ ਸ਼ਖਸ਼ੀਅਤ ਮੰਨਦੇ ਸਨ , ਅਤੇ ਨਵੀਂ ਸੂਈ ਗਾ ਮੱਝ ਦੇ ਦੁੱਧ ਨੂੰ ਘਰ ਵਰਤਣਾ ਸ਼ੁਰੂ ਕਰਨ ਤੋਂ ਪਹਿਲਾ ਖੀਰ ਰਿੰਨ ਕੇ ਸ਼ੇਖ ਫੱਤੇ ਦੇ ਡਾਰ ਤੇ ਭੇਂਟ ਕਰਦੇ ਸਨ i  ਜਿਥੇ ਹੁਣ ਤਰਨਤਾਰਨ ਸ਼ਹਿਰ ਹੈ, ਉਥੋਂ ਚੜ੍ਹਦੇ ਵੱਲ ਪਿੰਡ ਪੱਖੋਕੇ ਵਿਚ ਇਹ ਗੱਦੀ ਹੈ i ਹਿੰਦੂ ਧਰਮ ਤੋਂ ਇਸਲਾਮ ਵਾਲੇ ਪਾਸੇ ਜਾਣ ਲਈ ਸਰਵਰੀਏ ਬਣਨਾ ਪਹਿਲੀ ਪੌੜੀ ਹੈ i  ਹਿੰਦੂ ਜਨਤਾ ਨੂੰ ਇਸ ਦੇ ਅਸਰ ਤੋਂ ਬਚਾਉਣ ਲਈ ਸਿੱਖ ਧਰਮ ਦੇ ਪ੍ਰਚਾਰ ਦਾ ਕੇਂਦਰ ਕਰਤਾਰਪੁਰ ਰਾਵੀ ਤੋਂ ਖਡੂਰ ਲਿਆਂਦਾ ਗਿਆ ਸੀ i ਇਹ ਸਾਖੀ ਸਰਵਰੀਏ ਵੀ ਸਰਕਾਰ ਦਰਬਾਰੇ ਆਪਣੀ ਪਹੁੰਚ ਦਾ ਇਸਤੇਮਾਲ ਕਰਕੇ ਸਿੱਖ ਧਰਮ ਵਿਰੁੱਧ ਚਾਲਾਂ ਚਲਦੇ ਰਹਿੰਦੇ ਸਨ I
                                      ਬਾਦਸ਼ਾਹ  ਜਹਾਂਗੀਰ ਦਾ ਧਾਰਮਿਕ ਕੱਟੜਪੰਥੀ ਹੋਣਾ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਮੁੱਖ ਕਾਰਨ ਸੀ i ਉਪਰੋਕਤ ਸਾਰੇ ਵਿਅਕਤੀਆਂ ਨੇ ਜਦੋ ਜਹਾਂਗੀਰ ਦੇ ਕੰਨ ਭਰੇ ਤਾਂ ਜਹਾਂਗੀਰ ਵੀ ਸਿੱਖ ਧਰਮ ਦੀ ਪ੍ਰਚਾਰ ਲਹਿਰ ਨੂੰ ਇਸਲਾਮ ਲਈ ਖ਼ਤਰਾ ਸਮਝਣ ਲੱਗਿਆ ਅਤੇ ਉਸਨੇ ਪੰਜਵੇਂ ਪਾਤਸ਼ਾਹ ਨੂੰ ਗ੍ਰਿਫਤਾਰ ਕਰ ਲਿਆ ਅਤੇ ਲਾਹੌਰ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਅਤੇ ਸਿਰ ਵਿਚ ਰੇਤ ਪਾਕੇ ਸ਼ਹੀਦ ਕਰ ਦਿੱਤਾ i  ਗੁਰੂ ਸਾਹਿਬ ਦੇ ਸਿਰ ਵਿਚ ਪਾਇਆ ਰੇਤਾ ਮੁਗ਼ਲ ਸਾਮਰਾਜ ਦੇ ਕਫ਼ਨ ਵਿਚ ਕਿੱਲ ਸਾਬਿਤ ਹੋਇਆ ਅਤੇ ਸਮਾਂ ਪਾਕੇ ਸਿੱਖਾਂ ਨੇ ਮੁਗ਼ਲ ਸਾਮਰਾਜ ਦੇ ਗੜ੍ਹ ਦਿਲੀ ਦੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਝੁੱਲਾ ਦਿੱਤਾ i ਸ਼੍ਰੀ ਗੁਰੂ ਅਰਜਨ ਦੇਵ ਦੇ ਸ਼ਹੀਦੀ ਅਸਥਾਨ ਤੇ ਲਾਹੌਰ ਵਿਖੇ ਗੁਰੂਦਵਾਰਾ ਡੇਹਰਾ ਸਾਹਿਬ ਪੰਜਵੀਂ ਪਾਤਸ਼ਾਹੀ ਬਣਿਆ ਹੋਇਆ ਹੈ i
                                                                       
         
                      

No comments :

Post a Comment